Header Ads

Junk food side effects in punjabi






ਹਵਾਈ ਅੱਡੇ 'ਤੇ ਚੈੱਕ ਇਨ ਤੋਂ ਬਾਅਦ ਅਜੇ ਮੇਰੀ ਫਲਾਇਟ ਚ ਕੁੱਝ ਟਾਇਮ ਬਾਕੀ ਸੀ। ਇਹ ਗੱਲ ਪਿਛਲੇ ਸਾਲ ਦੀ ਇਹਨਾਂ ਕੁ ਦਿਨਾਂ ਦੀ ਹੈ। ਮੈਂ ਪਹਿਲਾਂ ਹਾਂਗਕਾਂਗ ਜਾਣਾ ਸੀ ਤੇ ਫਿਰ ਫਿਲਪਾਈਨਜ਼। ਮੈਂ ਉਥੋਂ ਦੀਆਂ ਜੜੀਆਂ ਬੂਟੀਆਂ ਬਾਰੇ ਖੋਜ ਪੜਤਾਲ ਕਰਨ ਜਾ ਰਿਹਾ ਸੀ। ਮੈਂ ਉਥੇ ਕੁੱਝ ਥਾਵਾਂ ਤੇ ਕੁਦਰਤੀ ਖਾਣ ਪੀਣ ਤੇ ਕੁਦਰਤੀ ਰਹਿਣ ਸਹਿਣ ਤੇ ਲੈਕਚਰ ਵੀ ਦੇਣੇ ਸੀ। ਉਥੋਂ ਦੇ ਕੁੱਝ ਮਾਹਿਰਾਂ ਨੂੰ ਵੀ ਮਿਲਣਾ ਸੀ। ਪਹਿਲਾਂ ਅਸੀਂ ਦੋਨੋਂ ਪਤੀ ਪਤਨੀ ਨੇ ਜਾਣਾ ਸੀ ਲੇਕਿਨ ਬੱਚਿਆਂ ਦੇ ਸਕੂਲ ਟੈਸਟ ਹੋਣ ਕਾਰਨ ਮੈਂਨੂੰ ਇਕੱਲੇ ਨੂੰ ਹੀ ਜਾਣਾ ਪੈ ਰਿਹਾ ਸੀ। ਮੈਂ ਇਕੱਲਤਾ ਮਹਿਸੂਸ ਕਰ ਰਿਹਾ ਸੀ। ਫਿਰ ਮੈਂ ਫੋਨ ਕੱਢਿਆ ਤੇ ਮਰੀਜ਼ਾਂ ਦੇ ਵੱਟਸ ਐਪ ਸੁਆਲਾਂ ਦੇ ਜੁਆਬ ਲਿਖਣ ਲੱਗ ਪਿਆ।
      ਮੇਰੇ ਵਾਂਗ ਉਥੇ ਹੋਰ ਵੀ ਅਨੇਕਾਂ ਲੋਕ ਜਹਾਜ਼ ਦੀ ਉਡੀਕ ਚ ਬੈਠੇ ਸਨ। ਕੋਈ ਕੌਫੀ, ਕੋਈ ਚਾਹ ਤੇ ਕੋਈ ਕੋਲਡ ਡਰਿੰਕ ਲੈ ਰਿਹਾ ਸੀ। ਬਹੁਤ ਲੋਕ ਜੰਕ ਫੂਡ ਵੀ ਖਾ ਰਹੇ ਸੀ। ਮੇਰੇ ਨਾਲ ਵਾਲੀ ਸੀਟ ਤੇ ਬੈਠਾ ਇੱਕ ਸੂਟਡ ਬੂਟਡ ਲੇਕਿਨ ਕਾਫੀ ਮੋਟੇ ਢਿੱਡ ਵਾਲਾ ਬੰਦਾ ਅਪਣੇ ਦੋ ਪੋਤੇ ਪੋਤੀਆਂ ਨੂੰ ਵਾਰ ਵਾਰ ਕੋਈ ਨਾ ਕੋਈ ਬਾਜ਼ਾਰੂ ਖਾਣਾ ਦੇ ਰਿਹਾ ਸੀ। ਬੱਚੇ ਆਪ ਵੀ ਖਾ ਰਹੇ ਸੀ ਤੇ ਉਹਨੂੰ ਵੀ ਦੇ ਰਹੇ ਸੀ। ਉਹ ਬੱਚਿਆਂ ਤੋਂ ਫੜਕੇ ਖਾ ਵੀ ਲੈਂਦਾ ਸੀ ਤੇ ਹਰ ਵਾਰ ਹਿੰਦੀ ਚ ਕੁੱਝ ਨਾਂ ਕੁੱਝ ਇਉਂ ਵੀ ਕਹਿ ਦਿੰਦਾ ਸੀ, "ਅਰੇ, ਯੇਹ ਤੋ ਸਿਰਫ ਆਪ ਲੋਗੋਂ ਕੇ ਲੀਏ ਹੈਂ, ਆਪ ਦੋਨੋਂ ਖਾ ਲੇਂ, ਮੁਝੇ ਨਹੀਂ ਖਾਨਾ, ਬੱਸ ਔਰ ਨਹੀਂ,"  ਲੇਕਿਨ ਬੱਚੇ ਫੇਰ ਉਹਨੂੰ ਇਹ ਕਹਿੰਦਿਆਂ ਦੇ ਦਿੰਦੇ ਸੀ, "ਦੱਦੂ, ਆਪ ਨੇ ਮੇਰਾ ਤੋ ਖਾਇਆ ਹੀ ਨਹੀਂ, ਆਪ ਨੇ ਟੀਨੂੰ ਕਾ ਤੋ ਖਾ ਲੀਆ ਥਾ," ਅਸਲ ਵਿੱਚ ਉਹ ਪੰਜਾਬੀ ਸਨ। ਥੋੜ੍ਹੀ ਦੇਰ ਪਹਿਲਾਂ ਹੀ ਉਹ ਕਿਸੇ ਨੂੰ ਪੰਜਾਬੀ ਚ ਫੋਨ ਤੇ ਡਾਂਟ ਰਿਹਾ ਸੀ। ਉਹਦੀਆਂ ਗੱਲਾਂ ਤੋਂ ਪਤਾ ਲੱਗ ਰਿਹਾ ਸੀ ਕਿ ਉਹ ਲੁਧਿਆਣਾ ਦੇ ਜਨਤਾ ਨਗਰ ਦਾ ਰਹਿਣ ਵਾਲਾ ਸੀ। ਉਹਨਾਂ ਨੂੰ ਦੇਖ ਮੈਂਨੂੰ ਮੇਰੇ ਬੱਚਿਆਂ ਦੀ ਯਾਦ ਆ ਗਈ ਸੀ। ਸਾਡੇ ਘਰ ਵੀ ਰੂਲ ਹੈ ਕਿ ਕੋਈ ਵੀ ਕਦੇ ਵੀ ਇਕੱਲਾ ਇਕੱਲਾ ਨਹੀਂ ਖਾਏਗਾ। ਇਸੇ ਲਈ ਜਦੋਂ ਬੱਚਿਆਂ ਨੂੰ ਫਲ ਕੱਟਕੇ ਦਿੰਦੇ ਹਾਂ ਤਾਂ ਹਰ ਬੱਚਾ ਸਾਡੇ ਸਾਰਿਆਂ ਸਾਹਮਣੇ ਅਪਣੀ ਪਲੇਟ ਲੈਕੇ ਜਾਂਦਾ ਹੈ। ਤਦ ਅਸੀਂ ਵੀ ਸਿਰਫ ਇੱਕ ਛੋਟੀ ਫਾੜੀ ਚੁੱਕਕੇ ਖਾ ਲੈਂਦੇ ਹਾਂ ਤੇ ਮੁਸਕਰਾ ਕੇ ਧੰਨਵਾਦ ਕਰ ਦਿੰਦੇ ਹਾਂ। ਬੱਚਿਆਂ ਨੂੰ ਇਉਂ ਖਾਂਦਿਆਂ ਦੇਖ ਮੈਂਨੂੰ ਵੀ ਭੁੱਖ ਲੱਗ ਗਈ ਸੀ। ਪਰ ਅਸੀੰ ਤਾਂ ਜੰਕ ਫੂਡ ਬਿਲਕੁਲ ਨਹੀਂ ਖਾਂਦੇ।

     ਮੇਰੇ ਕੋਲ ਮੇਰੀ ਪਤਨੀ ਕਰਮ ਦੇ ਬਹੁਤ ਹੀ ਪਿਆਰ ਨਾਲ ਪਕਾਏ ਮਿਕਸ ਆਟਿਆਂ ਦੇ ਸਟੱਫਡ ਪਰੌਠੇ ਸੀ। ਮੈਂ ਹੌਲੀ ਕੁ ਦੇਣੇ ਬੈਗ ਚੋਂ ਇੱਕ ਛੋਟਾ ਬੈਗ ਕੱਢਿਆ, ਫਿਰ ਉਸ ਚ ਪੋਣੇ ਚ ਲਪੇਟੇ ਪਰੌਠੇ ਖੋਲੇ ਤੇ ਹੌਲੀ ਹੌਲੀ ਖਾਣ ਲੱਗ ਪਿਆ। ਠੰਢੇ ਬੇਹੇ ਪਰੌਠੇ ਖਾਣ ਦਾ ਅਨੰਦ ਵੱਖਰਾ ਹੀ ਸੀ। ਨਾਲ ਨਾਲ ਮੈਂਨੂੰ ਮੇਰੀ ਪਤਨੀ ਦੀਆਂ ਗੱਲਾਂ ਵੀ ਯਾਦ ਆ ਰਹੀਆਂ ਸੀ ਜੋ ਉਹਨੇ ਚੱਲਣ ਲੱਗੇ ਨੂੰ ਕਹੀਆਂ ਸੀ ਕਿ ਕੱਪੜੇ ਇੱਦਾਂ ਰੱਖਣੇ, ਸੌਕਸ ਇੱਧਰ ਤੇ ਰੁਮਾਲ ਇੱਧਰ ਰੱਖਣਾ, ਕਿਹੜਾ ਸੂਟ ਕਦੋਂ ਪਾਉਣਾ,  ਟਾਈਮ ਸਿਰ ਖਾਂਦੇ ਪੀਂਦੇ ਰਹਿਣਾ, ਅਪਣਾ ਧਿਆਨ ਰੱਖਣਾ, ਮੈਸਿਜ ਚੈੱਕ ਕਰਦੇ ਰਹਿਣਾ ਵਗੈਰਾ ਵਗੈਰਾ।
          ਪਰੌਠਿਆਂ ਦੀ ਸੁਗੰਧ ਫੈਲਦਿਆਂ ਸਾਰ ਹੀ ਬੱਚਿਆਂ ਤੇ ਉਹਨਾਂ ਦੇ ਦਾਦਾ ਜੀ ਨੂੰ ਵੀ ਪਤਾ ਲੱਗ ਗਿਆ। ਮੈਂ ਹਲਕੀ ਜਿਹੀ ਮੁਸਕਰਾਹਟ ਨਾਲ ਉਹਨਾਂ ਵੱਲ ਦੇਖਿਆ। ਬਾਬੂ ਜੀ ਨੇ ਬੱਚਿਆਂ ਨੂੰ ਤੁਰੰਤ ਹੀ ਦੂਜੇ ਪਾਸੇ ਨਾਲ ਵਾਲੀ ਖਾਲੀ ਸੀਟ ਤੇ ਬੈਠਣ ਲਈ ਕਿਹਾ। ਸ਼ਾਇਦ ਉਹ ਸਮਝ ਰਿਹਾ ਸੀ ਕਿ ਕਿਤੇ ਮੈਂ ਉਹਨਾਂ ਨੂੰ ਪਰੌਠਾ ਖਾਣ ਲਈ ਔਫਰ ਹੀ ਨਾਂ ਕਰ ਦੇਵਾਂ। ਉਹਨੇ ਮੇਰੇ ਵੱਲ ਇਉਂ ਦੇਖਿਆ ਜਿਵੇਂ ਕਹਿ ਰਿਹਾ ਹੋਵੇ, "ਆਪ ਪੰਜਾਬੀ ਦਿਹਾਤੀ ਲੋਗੋਂ ਕੋ ਸਾਰੀ ਉਮਰ ਖਾਨੇ ਕੀ ਤਮੀਜ਼ ਨਹੀਂ ਆ ਸਕਤੀ," ਤਦ ਉਹ ਉਠ ਖੜਾ ਹੋਇਆ ਤੇ ਬੱਚਿਆਂ ਨੂੰ ਕਰੀਬ ਕਰੀਬ ਖਿਚਦਾ ਹੋਇਆ ਉਥੋਂ ਪਰੇ ਲੈ ਗਿਆ ਤੇ ਸਾਹਮਣੇ ਖਾਲੀ ਪਈਆਂ ਕੁਰਸੀਆਂ ਤੇ ਵੀ ਬੈਠਣ ਦੀ ਬਿਜਾਇ ਦੂਜੀ ਸਾਈਡ ਲੈ ਗਿਆ ਤੇ ਮੂੰਹ ਪਰੇ ਨੂੰ ਕਰਕੇ ਬੈਠ ਗਿਆ। ਸ਼ਾਇਦ ਉਹ ਬੱਚਿਆਂ ਨੂੰ ਇਉਂ ਪੇਂਡੂਆਂ ਵਾਂਗ ਖਾਣਾ ਸਿਖਾਉਣਾ ਨਹੀਂ ਚਾਹੁੰਦਾ ਸੀ ਲੇਕਿਨ ਮੈਂਨੂੰ ਤੇ ਸਾਡੇ ਪਰਿਵਾਰ ਨੂੰ ਇਹ ਪੇਂਡੂਪਨ  ਬੇਹੱਦ ਪਸੰਦ ਹੈ ਜੋ ਕਿ ਸਾਡੇ ਖੂਨ ਚ ਹੈ।
           ਡਾ ਬਲਰਾਜ ਬੈਂਸ ਡਾ ਕਰਮਜੀਤ ਕੌਰ ਬੈਂਸ
  ਨੈਚਰੋਪੈਥੀ ਕਲੀਨਿਕ ਰਾਮਾ ਕਲੋਨੀ ਅਕਾਲਸਰ ਰੋਡ ਮੋਗਾ
                     9463038229
ਮਿਲਣ ਦਾ ਸਮਾਂ:- ਹਰ ਐਤਵਾਰ ਸਵੇਰੇ ਛੇ ਤੋਂ ਸ਼ਾਮ ਛੇ ਵਜੇ ਤੱਕ ਨੈਚਰੋਪੈਥੀ ਕਲੀਨਿਕ ਮੋਗਾ, ਬਾਕੀ ਦਿਨ ਫੋਨ ਕਰਕੇ ਆਉ ਪਲੀਜ਼।

No comments: