Header Ads

ਪੰਜਾਬੀ ਫਿਲਮਾਂ

ਪੰਜਾਬੀ ਵਿੱਚ ਬਹੁਤੀਆਂ ਫ਼ਿਲਮਾਂ ਹਨ ਜਿਹੜੀਆਂ ਕਿ ਸਾਡੇ ਅੱਜ ਤੇ ਬੀਤੇ ਕੱਲ੍ਹ ਦੀ ਗਵਾਹੀ ਭਰਦੀਆਂ ਹਨ ਪਰ ਕਿੰਨੀਆਂ ਕੁ ਫ਼ਿਲਮਾਂ ਹਨ ਜਿਹੜੀਆਂ ਆਉਣ ਵਾਲੇ ਕੱਲ੍ਹ ਦੀ ਤਰਜ਼ਮਾਨੀ ਕਰਦੀਆਂ ਹਨ। ਮੈਂ ਜ਼ਿਆਦਾ ਫ਼ਿਲਮਾਂ ਤਾਂ ਨਹੀਂ ਵੇਖਦਾ ਪਰ ਟ੍ਰੇਲਰ ਰਿਵਿਊ ਹਰ ਇੱਕ ਦਾ ਵੇਖਦਾ-ਪੜ੍ਹਦਾ ਹਾਂ। ਇਹ ਜ਼ਰੂਰ ਦਾਅਵੇ ਨਾਲ਼ ਕਹਿ ਸਕਦਾ ਹਾਂ ਕਿ ਪੰਜਾਬੀ ਦੀਆਂ 70 ਫ਼ੀਸਦੀ ਫ਼ਿਲਮਾਂ ਵਿੱਚ ਸਿਰਫ਼ ਤੇ ਸਿਰਫ਼ ਵਿਆਹ ਹੁੰਦੇ ਹਨ, ਚਾਹੇ ਜਿਵੇਂ ਮਰਜ਼ੀ ਹੋਣ ਬਸ ਵਿਆਹ ਜ਼ਰੂਰ ਹੁੰਦੇ ਹਨ। ਹੁਣ ਪਿੱਛੇ ਜਿਹੇ ਚੜ੍ਹਦੇ-ਲਹਿੰਦੇ ਪੰਜਾਬ ਦੇ ਵਿਆਹਾਂ ਦਾ ਦੌਰ ਚੱਲਿਆ, ਜਿਸ ਵਿੱਚ ਮੇਰੇ ਖ਼ਿਆਲ ਅੰਗਰੇਜ਼ ਫ਼ਿਲਮ ਵਾਕਿਆ ਈ ਸੋਹਣੀ ਸੀ ਤੇ ਫ਼ਿਰ ਇਸ ਤੋਂ ਬਾਅਦ ਤਾਂ ਅਜਿਹੀਆਂ ਫ਼ਿਲਮਾਂ ਦੀ ਝੜੀ ਲੱਗ ਗਈ। ਇੱਕੋ ਆਰਟਿਸਟ ਹੀ ਅਜਿਹੀਆਂ 2-3 ਫ਼ਿਲਮਾਂ ਕਰ ਗਿਆ। ਛੋਟੇ ਹੁੰਦੇ ਚਾਅ ਹੁੰਦਾ ਸੀ, ਫ਼ਿਲਮਾਂ ਵੇਖਣ ਦਾ...ਉਦੋਂ ਯਾਦ ਹੈ ਕਿ ਫ਼ਿਲਮਾਂ ਵਿੱਚ ਡਾਕੂਵਾਦ ਮਸ਼ਹੂਰ ਸੀ।

ਰਹੀ ਗੱਲ ਬਾਕੀ 30 ਫ਼ੀਸਦੀ ਫ਼ਿਲਮਾਂ ਦੀ ਇਹ ਪੰਜਾਬੀ ਸਿਨੇਮਾ ਨੂੰ ਨਵੀਂ ਰੰਗਤ ਦਿੰਦੀਆਂ ਆਈਆਂ ਹਨ। ਦਰਅਸਲ ਪਹਿਲਾਂ ਇਹ 30 ਫ਼ੀਸਦੀ ਫ਼ਿਲਮਾਂ ਹੀ ਆਉਂਦੀਆਂ ਤੇ ਬਾਕੀ ਦੀਆਂ 70 ਫ਼ੀਸਦੀ ਇਹਨਾਂ ਤੋਂ ਹੀ ਬਣਦੀਆਂ ਹਨ। ਪਿੱਛੇ ਜਿਹੇ ਆਈਆਂ ਕੁਝ ਕੁ ਫ਼ਿਲਮਾਂ ਜਿਵੇਂ ਅਰਦਾਸ, ਅਸੀਸ ਵਰਗੀਆਂ ਫ਼ਿਲਮਾਂ ਬਹੁਤ ਵਧੀਆ ਲੱਗੀਆਂ। ਇਹ ਨਹੀਂ ਕਿ ਵਿਆਹ, ਰਿਸ਼ਤੇ, ਭਾਵਨਾਵਾਂ ਉੱਪਰ ਹੀ ਹਰ ਫ਼ਿਲਮ ਬਣਨੀ ਗਲ਼ਤ ਹੈ ਪਰ ਜੇਕਰ ਅਸੀਂ ਹੋਰਨਾਂ ਮੁੱਦਿਆਂ ਨੂੰ ਭਾਵਨਾਵਾਂ ਨਾਲ਼ ਜੋੜ ਕੇ ਪੇਸ਼ ਕਰ ਸਕੀਏ ਤਾਂ ਮੇਰੇ ਖ਼ਿਆਲ ਬਹੁਤ ਚੰਗਾ ਹੋਵੇਗਾ।

ਪੰਜਾਬੀ ਵਿੱਚ ਕਿੰਨੀਆਂ ਕੁ ਫ਼ਿਲਮਾਂ ਹਨ ਜਿਹੜੀਆਂ ਜਾਤ-ਪਾਤ, ਅਮੀਰੀ-ਗ਼ਰੀਬੀ, ਸਰਕਾਰਾਂ ਦੀ ਲੁੱਟ ਤੇ ਰਾਜਨੀਤਿਕ ਚੇਤਨਾ ਉੱਪਰ ਅਧਾਰਿਤ ਹਨ? ਪੰਜਾਬੀ ਸਿਨੇਮਾ ਉੱਪਰ ਜੱਟ-ਵਾਦ ਬਹੁਤ ਭਾਰੂ ਹੈ। ਬਹੁਤੇ ਜੱਟ-ਵਾਦ ਨੂੰ ਕਿਸਾਨੀ ਨਾਲ਼ ਜੋੜਦੇ ਹਨ ਪਰ ਇਸਦੀਆਂ ਜੜ੍ਹਾਂ ਵੇਖੋਂਗੇ ਤਾਂ ਜਾਤ-ਪਾਤ ਦੀ ਗੰਧ ਆਵੇਗੀ। ਜੇਕਰ ਕਿਸਾਨੀ ਹੀ ਜੱਟ-ਵਾਦ ਹੈ ਤਾਂ ਮੇਰੇ ਖ਼ਿਆਲ ਖ਼ੇਤਾਂ ਵਿੱਚ ਕੰਮ ਕਰਨ ਵਾਲੇ ਸੀਰੀਆਂ ਨੂੰ ਜੱਟ-ਵਾਦ ਕਰਨਾ ਚਾਹੀਦਾ ਹੈ। ਖ਼ੁਦਕੁਸ਼ੀਆਂ ਹੁੰਦੀਆਂ ਹਨ, ਉਹਨਾਂ ਜੱਟਾਂ ਨੂੰ ਪੁਛੋ ਕਿ ਤੁਹਾਨੂੰ ਜੱਟ-ਵਾਦ ਨੇ ਕੀ ਦਿੱਤਾ? ਕੁਝ ਪੰਜਾਬੀ ਫ਼ਿਲਮਾਂ ਖ਼ੇਤਾਂ ਤੋਂ ਘਰ ਤੇ ਘਰ ਤੋਂ ਕੈਨੇਡਾ ਤੱਕ ਹੀ ਘੁੰਮਦੀਆਂ ਹਨ, ਵਿਚਕਾਰ ਆਸ਼ਕੀ ਵੀ ਕਰ ਲੈਂਦੀਆਂ ਹਨ। ਪਰ ਅਜਿਹੀਆਂ ਕਿੰਨੀਆਂ ਕੁ ਫ਼ਿਲਮਾਂ ਹਨ, ਜਿਹੜੀਆਂ ਇੱਕ ਸੀਰੀ ਦੇ ਘਰ ਦੀ ਹਾਲਤ ਬਿਆਨ ਕਰਦੀਆਂ ਹਨ? ਸੀਰੀ ਦੇ ਘਰ ਜਵਾਕ ਜੰਮਦਾ ਹੈ ਤਾਂ ਉਸਦਾ ਆਮ ਸਮਾਜ ਤੋਂ ਫ਼ੈਸਲਾ ਉੱਥੋਂ ਹੀ ਸ਼ੁਰੂ ਹੋ ਜਾਂਦਾ ਹੈ। ਜੱਟਾਂ ਦੇ ਜਵਾਕਾਂ ਦੀਆਂ ਖੇਡਾਂ ਵੇਖ ਮੰਗ ਉਹ ਵੀ ਕਰਦਾ ਹੈ। ਜੇ ਪੂਰੀ ਕਰ ਦਿੱਤੀ ਜਾਵੇ ਤਾਂ ਹੋਰ ਮੰਗਦਾ ਹੈ ਤੇ ਇੰਝ ਕਰਦਾ-ਕਰਦਾ ਨਸ਼ਿਆਂ ਵਿੱਚ ਜਾ ਡਿੱਗਦਾ ਹੈ। ਜੇਕਰ ਨਾ ਕੀਤੀ ਜਾਵੇ ਤਾਂ ਚੋਰੀ ਕਰੇਗਾ ਤੇ ਡਿੱਗਦਾ ਇੰਝ ਵ ਨਸ਼ਿਆਂ ਵਿੱਚ ਹੀ ਹੈ। ਹੁਣ ਇਹਨਾਂ ਵਿੱਚੋਂ ਜੇ ਕਿਸੇ ਜਵਾਕ ਦੀ ਸਮਝ ਵਿਕਸਿਤ ਹੁੰਦੀ ਹੈ ਤਾਂ ਪੜ੍ਹੇਗਾ...ਘਰ ਦੇ ਹਾਲਾਤ ਸਮਝੇਗਾ। ਕੰਮ ਵਿੱਚ ਸਹਾਰਾ ਬਣੇਗਾ। ਬੇਹਤਰੀ ਦੇ ਖ਼ਾਬ ਵੇਖੇਗਾ। ਉਸਦਾ ਕੀ ਹੁੰਦਾ ਹੈ? ਚਲੋ ਇਹ ਛੱਡੋ, ਜੱਟ-ਵਾਦ ਹੀ ਸਹੀ...ਇਸੇ ਨੂੰ ਕਿਸੇ ਉਸਾਰੂ ਪਾਸੇ ਮੋੜ ਲਵੋ!

ਕੁੜੀ ਪੜ੍ਹਨ ਨੂੰ ਆਖਦੀ ਹੈ। 12 ਵੀਂ ਵਿੱਚੋਂ 85 % ਆਉਂਦੇ ਨੇ। ਘਰਦੇ ਵਿਆਹ ਨੂੰ ਆਖਦੇ ਹਨ...ਉਹ ਲੜਦੀ ਹੈ। ਆਪਣੇ ਸੁਪਨਿਆਂ ਲਈ ਡਟ ਕੇ ਖੜ੍ਹਦੀ ਹੈ। ਹੈਰਾਨਗੀ ਹੈ ਕਿ ਜੇਕਰ 18 ਸਾਲ ਉਮਰ ਤੱਕ ਵਿਆਹ ਨਹੀਂ ਕਰ ਸਕਦੇ ਕੁੜੀ ਦਾ ਤਾਂ 18 ਵੇਂ ਸਾਲ ਵਿੱਚ ਹੋਣ 'ਤੇ ਹੀ ਝੱਟ ਵਿਆਹ ਧਰ ਦਿੰਦੇ ਹਨ।

ਫ਼ਿਲਮਾਂ ਜ਼ਰੂਰੀ ਹੀ ਨਹੀਂ ਇਹ ਸਭ ਬਿਆਨ ਕਰਨ...ਇਹ ਕੀ ਬਿਆਨ ਕਰਨ....ਕੁਝ ਵੀ ਬਿਆਨ ਕਰਨ...ਪਰ ਓਹ ਇੱਕ ਨਿਖ਼ਾਰ ਹੋਵੇ। ਜੇਕਰ ਨਸ਼ਿਆਂ ਉੱਪਰ ਬਣੀਆਂ ਫ਼ਿਲਮਾਂ ਨੂੰ ਵੇਖ ਕੇ ਅਸੀਂ ਜਾਗਰੂਕ ਹੋ ਸਕਦੇ ਹਾਂ ਤਾਂ ਇੱਕ ਬੇਹਤਰ ਪੰਜਾਬ ਉੱਪਰ ਬਣੀਆਂ ਫ਼ਿਲਮਾਂ ਨੂੰ ਵੇਖ ਕੇ ਸਮਾਜ ਉਸ ਦੀ ਕਲਪਨਾ ਕਰ ਸਕਦਾ ਹੈ ਤੇ ਇਹ ਚਿੰਗਾਰੀ ਅੱਗੇ ਤੱਕ ਜਾਵੇਗੀ।

ਜੌਹਨ ਇਬਰਾਹਿਮ ਦੀਆਂ ਫ਼ਿਲਮਾਂ ਵੇਖਣਾ ਕਦੇ.... ਜਿਵੇਂ ਮਰਜ਼ੀ ਹੋਣ... ਉਸ ਅਜੋਕੀਆਂ ਫ਼ਿਲਮਾਂ ਦਾ ਰੰਗ ਇੱਕੋ ਹੈ ਪਰ ਇਹ ਇੱਕੋ ਰੰਗ ਕਿੰਨਾ ਰੰਗ-ਬਿਰੰਗਾ ਹੋ ਨਿੱਬੜਦਾ ਹੈ...! ਪਰਮਾਣੂ ਫ਼ਿਲਮ ਵਾਕਈ ਬਹੁਤ ਵਧੀਆ ਸੀ।

'ਤਾਰਿਆਂ ਵਾਲਾ ਮੁੰਡਾ' ਨਾਮ ਰੱਖ ਹੀ ਦਿੱਤਾ ਹੈ ਤਾਂ ਇਹਨਾਂ ਦੀ ਗੱਲ ਕਰੇ ਬਿਨ੍ਹਾਂ ਵੀ ਨਹੀਂ ਰਹਿ ਸਕਦਾ। 'ਮਿਸ਼ਨ ਮੰਗਲ' ਫ਼ਿਲਮ ਆਈ ਹੈ। ਕੁਝ ਵੀ ਹੋਵੇ Bollywood ਵਿੱਚ ਇਹ ਇੱਕ ਨਵਾਂ ਤੇ ਉਸਾਰੂ ਕਦਮ ਹੈ। ਇਹ ਇੰਡੀਆ ਦੀ ਦੂਜੀ ਸਪੇਸ ਫ਼ਿਲਮ ਸੀ। ਇਸਤੋਂ ਪਹਿਲਾਂ ਸਾਊਥ ਦੀ "ਟਿਕ-ਟਿਕ" ਆਈ ਸੀ। ਮਿਸ਼ਨ ਮੰਗਲ ਫ਼ਿਲਮ ਵਿੱਚ ਜੋ ਵੀ ਵਿਖਾਇਆ, ਜਿਵੇਂ ਵੀ ਵਿਖਾਇਆ...ਲਾਂਚ ਤੋਂ ਪਹਿਲਾਂ ਨਾਰੀਅਲ ਭੰਨੇ ਗਏ ਪਰ ਇਹ ਇੱਕ ਸ਼ਲਾਘਾਯੋਗ ਕਦਮ ਹੈ। ਪਹਿਲਾਂ ਤਾਂ ਸਰਕਾਰ ਨੇ ਇਸਰੋ ਨੂੰ ਬਜਟ ਹੀ ਨਹੀਂ ਦਿੱਤਾ ਸੀ ਤੇ ਜਦੋਂ ਇਸਰੋ ਦੇ ਵਿਗਿਆਨਿਕਾਂ (ਜੋ ਕਿ ਜ਼ਿਆਦਾਤਰ ਔਰਤਾਂ ਹੀ ਸਨ) ਨੇ 400 ਕਰੋੜ ਦੇ ਬਜਟ ਵਿੱਚ ਸਭ ਕਰ ਵਿਖਾਇਆ ਤਾਂ ਮੋਦੀ ਭਾਸ਼ਣ ਦਿੰਦਾ ਹੈ ਕਿ ਅਸੀਂ Hollywood ਫ਼ਿਲਮ ਤੋਂ ਘੱਟ ਬਜਟ ਵਿੱਚ ਮਿਸ਼ਨ ਕੀਤਾ। ਚਲੋ ਇੰਜੀਨੀਅਰਾਂ ਤੇ ਵਿਗਿਆਨੀਕਾਂ ਨੇ ਆਪਣੀ ਯੋਗਤਾ ਵਿਖਾਈ ਪਰ ਪਹਿਲਾਂ ਮਿਸ਼ਨ ਨੂੰ ਬੰਦ ਕਰਨ ਦਾ ਕਿਹਾ ਗਿਆ ਤੇ ਫ਼ਿਰ ਉਸ ਉੱਪਰ ਰੋਟੀਆਂ ਸੇਕੀਆਂ ਗਈਆਂ।

ਚਲੋ ਜੋ ਵੀ ਹੈ ਪੰਜਾਬੀ ਵਿੱਚ ਅਜਿਹੀ ਫ਼ਿਲਮ ਬਣ ਸਕਦੀ ਹੈ। ਸਰਕਾਰੀ ਤਾਂ ਇੱਕੋ ਇਸਰੋ ਹੀ ਰਹੇਗੀ। ਪੰਜਾਬ ਦੀ ਆਪਣੀ ਪ੍ਰਾਈਵੇਟ ਸਪੇਸ ਏਜੰਸੀ ਉੱਪਰ ਫ਼ਿਲਮ ਬਣ ਸਕਦੀ ਹੈ। ਪੰਜਾਬੀ ਸਪੇਸ ਮਿਸ਼ਨ ਕਰ ਸਕਦੇ ਹਨ। ਦਿਹਾੜੀਆਂ-ਮਜ਼ਦੂਰੀਆਂ ਤੋਂ ਲੈ ਕੇ ਬ੍ਰਹਿਮੰਡ ਦਾ ਸਫ਼ਰ ਕਰ ਸਕਦੇ ਹਨ। ਅਜਿਹੀਆਂ ਫ਼ਿਲਮਾਂ ਬਣ ਸਕਦੀਆਂ ਹਨ। ਪਿਛਲੇ ਸਮੇਂ ਵਿੱਚ ਸ਼ੋਸ਼ਲ ਮੀਡੀਆ ਕਰਕੇ ਕਿਤਾਬਾਂ ਪੜ੍ਹਣ ਦਾ ਥੋੜ੍ਹਾ ਕੁ ਦੌਰ ਵਧਿਆ ਹੈ...ਕਿਸੇ ਕਿਤਾਬਾਂ ਦੇ ਆਸ਼ਕ ਉੱਪਰ ਫ਼ਿਲਮ ਬਣ ਸਕਦੀ ਹੈ। ਗੱਲ ਬਜਟ ਦੀ ਅਵੇਗੀ ਪਰ ਸੁਪਰਸਿੰਘ ਵਰਗੀਆਂ ਤਿੰਨ ਫ਼ਿਲਮਾਂ ਉੱਪਰ ਪੈਸੇ ਖ਼ਰਾਬ ਕਰਨ ਨਾਲ਼ੋਂ ਅਜਿਹੀ ਇੱਕ ਫ਼ਿਲਮ ਬਣ ਸਕਦੀ ਹੈ। ਚੱਲਣਗੀਆਂ ? ਨਹੀਂ ਚੱਲਣਗੀਆਂ? ਇਸਦੇ ਲਈ ਮਸਾਲਾ ਫ਼ਿਲਮ ਇੰਡਸਟਰੀ ਕੋਲ ਬਹੁਤ ਹੈ।

ਪੰਜਾਬ ਦੇ ਵਿਗਿਆਨੀਆਂ ਉੱਪਰ ਫ਼ਿਲਮ ਬਣ ਸਕਦੀ ਹੈ...! ਨਹੀਂ ਇਹਨਾਂ ਨੂੰ ਘੜਣ ਦੀ ਕੋਈ ਜ਼ਰੂਰਤ ਨਹੀਂ।
ਫ਼ਿਲਮਾਂ ਉੱਪਰ ਪਹਿਲੀ ਵਾਰ ਬੋਲਿਆ ਹਾਂ। ਇਸ ਖ਼ੇਤਰ ਵਿੱਚ ਕੋਈ ਹਾਸਿਲ ਨਹੀਂ ਹੈ। ਹੋ ਸਕਦਾ ਹੈ ਉਪਰੋਕਤ ਵਿਚਾਰਾਂ ਉੱਪਰ ਕੋਈ ਸਹਿਮਤ ਨਾ ਹੋਵੇ ਪਰ ਸਾਰੇ ਪੰਜਾਬੀ ਸਿਨੇਮਾ ਵਿੱਚ ਧੜਾਧੜ ਫ਼ਾਲਤੂ ਫ਼ਿਲਮਾਂ ਆਉਣ ਬਾਰੇ ਜ਼ਰੂਰ ਸਹਿਮਤ ਹੋਣਗੇ।

ਪੰਜਾਬ ਦੇ ਪਾਣੀ ਦੀ ਸਮੱਸਿਆ ਦੇ ਹੱਲ ਉੱਪਰ ਫ਼ਿਲਮ ਬਣ ਸਕਦੀ ਹੈ। ਪਰ ਇਸ ਸਭ ਦੇ ਲਈ ਸਾਨੂੰ ਚਾਹੀਦੇ ਹੋਣਗੇ, ਪੜ੍ਹੇ ਲਿਖੇ ਲੋਕ ...ਵਿਗਿਆਨਿਕ ਸਮਝ ਵਾਲੇ ਲੋਕ ਜੋ ਕਿ ਫ਼ਿਲਮਾਂ ਲਈ ਤਾਂ ਮਿਲ ਹੀ ਜਾਣਗੇ।

ਪਿਆਰਾ ਸਿੰਘ ਗਿੱਲ, ਨਰਿੰਦਰ ਸਿੰਘ ਕਪਾਨੀ ਵਰਗੇ 40-50 ਦੇ ਕਰੀਬ ਵਿਗਿਆਨੀ ਮਿਲ ਜਾਣਗੇ ਜਿਹਨਾਂ ਨੇ ਦੁਨੀਆ ਬਦਲ ਦਿੱਤੀ। ਪਰ ਅਫ਼ਸੋਸ ਸਾਨੂੰ ਤਾਂ ਅਜੇ ਸ਼ੱਕ ਹੈ ਕਿ ਕੀ ਪੰਜਾਬ ਅਜਿਹੇ ਵਿਅਕਤੀ ਪੈਦਾ ਕਰ ਸਕਦਾ ਹੈ। ਪਿਛਲੀ ਨੈਸ਼ਨਲ ਵੀਮੈਨ ਸਾਇੰਸ ਕਾਨਫ਼ਰੰਸ ਵਿੱਚ ਪੰਜਾਬ ਤੋਂ ਕਿਸੇ ਵੀ ਔਰਤ ਨੇ ਹਾਜ਼ਰੀ ਨਹੀਂ ਭਰੀ।

ਡੁੱਬਦੇ ਪੰਜਾਬ ਵਿੱਚ ਤਾਰਿਆਂ ਦੀ ਗੱਲ ਕਰਨੀ ਗੁਨਾਹ ਹੋ ਸਕਦੀ ਹੈ...ਪਰ ਜੇਕਰ ਇਹ ਗੁਨਾਹ ਹੈ ਤਾਂ ਮੈਂ ਤਾਂ ਕਰ ਦਿੱਤਾ ਹੈ ਤੇ ਹਰ ਰੋਜ਼ ਕਰਦਾ ਹਾਂ।

- Astroboy Sandeep.

No comments: