Header Ads

Healthy food roti Punjabi



ਬੇਹੀ ਰੋਟੀ ਖਾਣਾ ਬਹੁਤ ਲੋਕ ਬਿਲਕੁਲ ਪਸੰਦ ਨਹੀਂ ਕਰਦੇ। ਕੁੱਝ ਖਾਂਦੇ ਵੀ ਹਨ ਤਾਂ ਉਹ ਦੁਬਾਰਾ ਗਰਮ ਕਰਕੇ ਖਾਂਦੇ ਹਨ। ਅਸਲ ਵਿੱਚ ਠੰਢੀ ਬੇਹੀ ਰੋਟੀ ਵੀ ਬਹੁਤ ਪੌਸ਼ਟਿਕ ਹੁੰਦੀ ਹੈ। ਲੇਕਿਨ ਇਹ ਕਿਸੇ ਬੰਦ ਡੱਬੇ ਵਿੱਚ ਕਿਤੇ ਗਰਮ ਜਗਾ ਤੇ ਰੱਖੀ ਗਈ ਨਾ ਹੋਵੇ ਬਲਕਿ ਕਿਸੇ ਹਵਾਦਾਰ ਠੰਢੀ ਥਾਂਵੇਂ ਖੱਦਰ ਦੇ ਪੋਣੇ ਵਿੱਚ ਲਪੇਟ ਕੇ ਰੱਖੀ ਗਈ ਹੋਵੇ ਤਾਂ ਹੋਰ ਵੀ ਚੰਗਾ ਹੁੰਦਾ ਹੈ। ਜੇ ਕਿਸੇ ਸਟੀਲ, ਪਿੱਤਲ ਦੀ ਬਜਾਏ ਮਿੱਟੀ ਦੇ ਭਾਂਡੇ ਜਾਂ ਕਿਸੇ ਲੱਕੜ ਦੇ ਬਰਤਨ ਜਾਂ ਛਾਬੇ ਆਦਿ ਵਿੱਚ ਹੋਵੇ ਤਾਂ ਉਸਤੋਂ ਵੀ ਠੀਕ ਰਹਿੰਦੀ ਹੈ।
   ਇਸੇ ਤਰ੍ਹਾਂ ਇਹ ਦੁਬਾਰਾ ਗਰਮ ਵੀ ਨਹੀਂ ਕਰਨੀ ਚਾਹੀਦੀ। ਬੇਹੀ ਰੋਟੀ ਠੰਢੇ ਦੁੱਧ, ਦਹੀਂ, ਚਟਣੀ ਜਾਂ ਕਿਸੇ ਵੀ ਦਾਲ ਸਬਜ਼ੀ ਨਾਲ ਖਾਧੀ ਜਾ ਸਕਦੀ ਹੈ। ਅਸੀਂ ਅਕਸਰ ਹੀ ਸਾਰਾ ਪਰਿਵਾਰ ਹੀ ਦਿਨ ਚ ਜਦੋਂ ਟਾਈਮ ਲੱਗੇ ਵਧੀ ਪਈ ਬੇਹੀ ਰੋਟੀ ਖਾ ਹੀ ਲੈਂਦੇ ਹਾਂ। ਅਸੀਂ ਇਹ ਕਦੇ ਵੀ ਗਰਮ ਨਹੀਂ ਕੀਤੀ ਤੇ ਨਾਂ ਹੀ ਸਬਜ਼ੀ, ਦਾਲ ਦੁਬਾਰਾ ਗਰਮ ਕਰਕੇ ਖਾਂਦੇ ਹਾਂ।


     ਤੁਸੀਂ ਸੁਣਕੇ ਖੁਸ਼ ਹੋਵੋਗੇ ਕਿ ਜਦੋਂ ਕਿਸੇ ਹਵਾਦਾਰ ਥਾਂ ਤੇ ਲੇਕਿਨ ਕਿਸੇ ਮੋਟੇ ਖੱਦਰ ਜਾਂ ਸੂਤੀ ਕੱਪੜੇ ਚ ਲਪੇਟੇ ਲਪੇਟੇ ਰੋਟੀ ਬੇਹੀ ਹੁੰਦੀ ਹੈ ਤਾਂ ਉਸ ਚ ਕੁੱਝ ਖਾਸ ਤਰ੍ਹਾਂ ਦੇ chemical reaction ਹੁੰਦੇ ਹਨ ਜੋ ਉਸਨੂੰ ਸਗੋਂ ਪਚਣਯੋਗ ਤੇ ਪਾਚਣ ਪ੍ਰਣਾਲੀ ਨੂੰ ਵਧੀਆ ਬਣਾਉਣ ਵਾਲੀ ਬਣਾ ਦਿੰਦੇ ਹਨ। ਰੋਟੀ ਵਿੱਚ ਕਾਫੀ ਮਾਤਰਾ ਵਿੱਚ ਸਟਾਰਚ ਹੋਣ ਕਰਕੇ ਠੰਢੀ ਹਵਾਦਾਰ ਜਗਾ ਵਿੱਚ ਇਹ ਬੜੀ ਤੇਜ਼ੀ ਨਾਲ crystallize ਹੋਣ ਲਗਦਾ ਹੈ। ਇਸ ਕੁਦਰਤੀ ਵਰਤਾਰੇ ਨੂੰ retrogradation ਕਹਿੰਦੇ ਹਨ। ਇਸ ਪ੍ਰਕਿਰਿਆ ਨਾਲ ਬੇਹੀ ਰੋਟੀ ਵਿੱਚ ਕੁੱਝ ਨਵੀਂ ਤਰਾਂ ਦੇ ਨਿਉਟਰੀਐਂਟਸ ਵੀ ਬਣ ਜਾਂਦੇ ਹਨ। ਇਹ ਪਾਚਣ ਪ੍ਰਣਾਲੀ ਵਿੱਚ ਸੁਧਾਰ ਕਰਨ ਵਾਲੇ ਹੁੰਦੇ ਹਨ।
       ਲੇਕਿਨ ਇਉਂ ਰੋਟੀ ਦੇ ਬੇਹੀ ਹੋਣ ਕਾਰਨ ਇਸ ਵਿੱਚ ਕੈਲੋਰੀਜ਼ ਘਟ ਜਾਂਦੀਆਂ ਹਨ। ਇਉਂ ਇਹ ਮੋਟਾਪਾ ਵੀ ਨਹੀਂ ਹੋਣ ਦਿੰਦੀ ਤੇ ਵਿਅਕਤੀ ਦਾ ਬੀਪੀ ਤੇ ਬਲੱਡ ਸ਼ੂਗਰ ਵੀ ਇਕਦਮ ਨਹੀਂ ਵਧਾਉਂਦੀ। ਜਦੋਂ ਕਿ ਗਰਮ ਖਾਣਾ ਜਾਂ ਗਰਮ ਸਬਜ਼ੀ, ਦਾਲ ਆਦਿ ਬੀਪੀ, ਸ਼ੂਗਰ, ਮੋਟਾਪਾ ਵਧਾਉਂਦੇ ਹਨ। ਕਿਉਂਕਿ ਖਾਣੇ ਦੀ ਗਰਮਾਇਸ਼ ਕਾਰਨ ਖਾਣੇ ਵਿਚਲੇ ਤੱਤ ਬੜੀ ਤੇਜ਼ੀ ਨਾਲ ਖੂਨ ਚ ਜਾਣ ਲਗਦੇ ਹਨ। ਇਉਂ ਹਰ ਚੀਜ਼ ਦਾ ਪੀਕ ਲੈਵਲ ਜਲਦੀ ਵਧਣ ਕਾਰਨ ਗਰਮ ਖਾਣਾ ਖਾਣ ਦੀ ਆਦਤ ਵਾਲਿਆਂ ਨੂੰ ਅਨੇਕ ਪ੍ਰਕਾਰ ਦੀਆਂ ਤਕਲੀਫਾਂ ਜ਼ਿਆਦਾ ਹੁੰਦੀਆਂ ਹਨ। ਕੁੱਝ ਲੋਕ ਤਾਂ ਖਾਣਾ ਖਾਣ ਬਾਅਦ ਪਾਣੀ ਨਹੀਂ ਪੀਂਦੇ। ਉਹਨਾਂ ਦੇ ਮਿਹਦੇ ਅੰਤੜੀਆਂ ਚ ਹੋਰ ਵੀ ਗਰਮਾਇਸ਼ ਵਧ ਜਾਂਦੀ ਹੈ ਤੇ ਅਲਸਰ, ਬਵਾਸੀਰ, ਅੰਤੜੀ ਜ਼ਖਮ ਆਦਿ ਬਣ ਜਾਂਦੇ ਹਨ।
  ਲੇਕਿਨ ਠੰਢੀ ਬੇਹੀ ਰੋਟੀ ਖਾਣ ਨਾਲ ਨਰਵਸ ਸਿਸਟਮ ਨੂੰ ਵੀ ਬਹੁਤ ਫਾਇਦਾ ਪਹੁੰਚਦਾ ਹੈ ਤੇ ਇਮਿਊਨ ਸਿਸਟਮ ਵੀ ਹੋਰ ਵਧੀਆ ਹੁੰਦਾ ਹੈ। ਪੁਰਾਣੇ ਜ਼ਮਾਨਿਆਂ ਵਿੱਚ ਪੰਜਾਬੀ ਕਿਸਾਨ  ਖੇਤਾਂ ਵਿੱਚ ਕੰਮ ਕਰਦਿਆਂ ਅਪਣੀ ਸਵੇਰ ਦੀ ਪੋਣੇ ਵਿੱਚ ਬੰਨ੍ਹ ਕੇ ਲਿਆਂਦੀ ਰੋਟੀ ਨੂੰ ਕਿਸੇ ਰੁੱਖ ਦੀ ਟਾਹਣੀ ਨਾਲ ਬੰਨ੍ਹ ਦਿੰਦੇ ਸੀ ਤੇ ਫਿਰ ਦੁਪਹਿਰ ਵੇਲੇ ਅਚਾਰ ਨਾਲ ਜਾਂ ਲਾਲ ਮਿਰਚ ਦੀ ਚਟਣੀ ਨਾਲ ਹੀ ਖਾਇਆ ਕਰਦੇ ਸੀ। ਨਾਲ ਠੰਢੀ ਖੱਟੀ ਲੱਸੀ ਜਾਂ ਫਿੱਕਾ ਦੁੱਧ ਪੀ ਲਿਆ ਕਰਦੇ ਸੀ। ਨਹੀਂ ਤਾਂ ਖੂਹ ਦਾ ਠੰਢਾ ਪਾਣੀ ਜ਼ਰੂਰ ਪੀਇਆ ਕਰਦੇ ਸੀ। ਇਸੇ ਕਰਕੇ ਉਹ ਤੰਦਰੁਸਤ, ਤਾਕਤਵਰ ਤੇ ਹਰ ਮੁਸੀਬਤ ਨਾਲ ਟਕਰਾ ਜਾਣ ਵਾਲੇ ਸਨ। ਲੇਕਿਨ ਹੁਣ ਕਿਸਾਨਾਂ ਦੇ ਖਾਣ ਪੀਣ ਚ ਭਾਰੀ ਤਬਦੀਲੀ ਆਉਣ ਕਾਰਨ ਪੁਰਾਤਨ ਕਿਸਾਨਾਂ ਵਾਲੇ ਗੁਣ ਵੀ ਘਟਦੇ ਜਾ ਰਹੇ ਹਨ। ਪੁਰਾਣੇ ਸਮਿਆਂ ਵਿੱਚ ਕਿਸਾਨਾਂ ਦੇ ਬੱਚੇ ਵੀ ਤੂਤ ਦੇ ਛਾਬੇ ਚ ਪੋਣੇ ਨਾਲ ਢਕਕੇ ਰੱਖੀ ਸਵੇਰ ਵਾਲੀ ਰੋਟੀ ਗੁੜ, ਸ਼ੱਕਰ, ਦਹੀਂ, ਲੱਸੀ, ਦੁੱਧ, ਮਲਾਈ, ਅਚਾਰ ਆਦਿ ਨਾਲ ਬਿਨਾਂ ਗਰਮ ਕੀਤਿਆਂ ਖਾਂਦੇ ਸੀ। ਸ਼ਾਇਦ ਉਹ ਤਾਂ ਹੀ ਅੱਜ ਦੇ ਕਿਸਾਨ ਬੱਚਿਆਂ ਨਾਲੋਂ ਤੰਦਰੁਸਤ ਤੇ ਰਿਸ਼ਟ ਪੁਸ਼ਟ ਸਨ।

        ਅਸਲ ਵਿੱਚ ਕਿਸੇ ਹਨੇਰੇ ਤੇ ਠੰਢੇ ਥਾਂਵੇਂ ਰੱਖੀ ਰੋਟੀ ਜ਼ਿਆਦਾ ਦੇਰ ਤੱਕ ਖਰਾਬ ਨਹੀਂ ਹੁੰਦੀ ਹੈ। ਇਸੇ ਲਈ ਪੁਰਾਣੇ ਜ਼ਮਾਨੇ ਵਿੱਚ ਕਿਸਾਨਾਂ ਦੇ ਘਰਾਂ ਵਿੱਚ ਮਿੱਟੀ ਦੀਆਂ ਕੋਠੜੀਆਂ ਜਾਂ ਭੜੋਲਿਆਂ ਵਿੱਚ ਰੋਟੀ ਵਾਲਾ ਛਾਬਾ ਰੱਖਿਆ ਜਾਂਦਾ ਸੀ। ਗਰਮੀ, ਸਲਾਭ ਤੇ ਚਾਨਣ ਹਰ ਤਰਾਂ ਦੀਆਂ ਖਾਣ ਪੀਣ ਵਾਲੀਆਂ ਵਸਤੂਆਂ ਨੂੰ ਖਰਾਬ ਕਰਦੇ ਹਨ। ਲੇਕਿਨ ਹੁਣ ਗਰਮ ਗਰਮ ਰੋਟੀਆਂ ਧਾਤੂਆਂ ਦੇ ਬੰਦ ਡੱਬਿਆਂ ਵਿੱਚ ਰੱਖੀਆਂ ਜਾਂਦੀਆਂ ਹਨ। ਜੋ ਪਸੀਨਾ ਛੱਡ ਜਾਂਦੀਆਂ ਹਨ। ਹਵਾ ਰਹਿਤ ਡੱਬਿਆਂ ਵਿੱਚ ਰੋਟੀ ਦੀ ਸਲਾਭ ਵਿੱਚ ਖਤਰਨਾਕ ਜੀਵਾਣੂੰ ਵੀ ਪਨਪ ਪੈਂਦੇ ਹਨ ਤੇ ਕੁੱਝ ਕੈਮੀਕਲ ਰਿਐਕਸ਼ਨ ਹੋਕੇ ਅਨਾਜ ਜ਼ਹਿਰੀਲਾ ਤੇ ਕੌੜਾ ਵੀ ਹੋ ਜਾਂਦਾ ਹੈ।
   ਅਸੀਂ ਬਹੁਤ ਸਮੇਂ ਤੋਂ ਬੱਚਿਆਂ ਨੂੰ ਬੇਹੀ ਰੋਟੀ ਮਲਾਈ, ਮੱਖਣ, ਘਿਉ ਸ਼ੱਕਰ, ਦੁੱਧ ਜਾਂ ਚਟਣੀ ਆਦਿ ਨਾਲ ਖਾਣ ਦੀ ਆਦਤ ਪਾਈ ਹੋਈ ਹੈ। ਅੱਜ ਵੀ ਅਸੀਂ ਰੋਜ਼ਾਨਾ ਦੀ ਤਰ੍ਹਾਂ ਇੱਕ ਇੱਕ ਰੋਟੀ ਚਟਣੀ ਤੇ ਮਲਾਈ ਨਾਲ ਖਾਧੀ। ਪੂਤਨਾ, ਮਰੂਆ, ਤੁਲਸੀ, ਹਰਾ ਧਣੀਆ, ਮੇਥੀ, ਹਰੀ ਮਿਰਚ, ਕਾਲੀ ਮਿਰਚ, ਸੇਂਧਾ ਲੂਣ, ਅਜਵੈਣ, ਜੀਰਾ, ਅਨਾਰਦਾਣਾ, ਕੜੀ ਪੱਤਾ, ਅੰਬਚੂਰ ਆਦਿ ਥੋੜੇ ਥੋੜੇ ਪਾਕੇ ਬਣਾਈ ਚਟਣੀ ਬਹੁਤ ਸੁਆਦੀ, ਪੌਸ਼ਟਿਕ ਤੇ ਹਾਜ਼ਮੇਦਾਰ ਬਣਦੀ ਹੈ। ਮੱਝ ਦੇ ਦੁੱਧ ਦੀ ਮਲਾਈ ਸਵੇਰ ਦੀ ਠੰਢੀ ਬੇਹੀ ਰੋਟੀ ਨਾਲ ਚਟਣੀ ਧਰਕੇ ਖਾਣ ਦਾ ਅਨੰਦ ਵੱਖਰਾ ਹੀ ਹੁੰਦਾ ਹੈ। ਉਦੋਂ ਹੋਰ ਵੀ ਅਨੰਦ ਵਧ ਜਾਂਦਾ ਹੈ ਜਦੋਂ ਪਰਿਵਾਰ ਚ ਬਿਲਕੁਲ ਸਾਦਗੀ ਨਾਲ ਹੀ ਰਲ ਮਿਲ ਖਾਧੀ ਜਾਵੇ।
        ਡਾ ਬਲਰਾਜ ਬੈਂਸ, ਡਾ ਕਰਮਜੀਤ ਕੌਰ ਬੈਂਸ
  ਨੈਚਰੋਪੈਥੀ ਕਲਿਨਿਕ ਆਰਾ ਰੋਡ ਰਾਮਾ ਕਲੋਨੀ ਮੋਗਾ
                 9463038229

No comments: